ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਏ ਸਰਹੱਦੀ ਪਿੰਡ ਮਸਤਕੋਟ ਦੇ ਇੱਕ ਲੜਕੇ ਨੂੰ ਆਪਣੇ ਵਿਆਹ ਮੌਕੇ ਛੁੱਟੀ ਨਾ ਮਿਲਣ ਕਾਰਨ ਬਰਾਤ ਬਿਨਾਂ ਲਾੜੇ ਦੇ ਹੀ ਢੁੱਕ ਗਈ ਅਤੇ ਡੋਲੀ ਲੈ ਕੇ ਪਿੰਡ ਪਰਤ ਆਈ।
ਜਾਣਕਾਰੀ ਅਨੁਸਾਰ ਇਸ ਬਲਾਕ ਦੇ ਪਿੰਡ ਮਸਤਕੋਟ ਵਾਸੀ ਬੂਟਾ ਸਿੰਘ ਪੁੱਤਰ ਅਵਤਾਰ ਸਿੰਘ ਦਾ ਨੇੜਲੇ ਪਿੰਡ ਅਠਵਾਲ(ਅਰਜਨਵਾਲ) ਦੀ ਲੜਕੀ ਰਾਜਬੀਰ ਕੌਰ ਪੁੱਤਰੀ ਸੁਖਵਿੰਦਰ ਸਿੰਘ ਨਾਲ ਰਿਸ਼ਤਾ ਹੋਇਆ ਸੀ। ਇਨ੍ਹਾਂ ਦੇ ਵਿਆਹ ਲਈ 29 ਤਾਰੀਖ ਦਾ ਦਿਨ ਮਿੱਥਿਆ ਗਿਆ ਸੀ। ਇਸ ਤਹਿਤ ਦੋਹਾਂ ਪਰਿਵਾਰਾਂ ਵਾਲਿਆਂ ਨੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਪਰ ਵਿਦੇਸ਼ ਵਿੱਚ ਨੌਕਰੀ ਕਰਦੇ ਲਾੜੇ ਨੂੰ ਵਿਆਹ ’ਤੇ ਛੁੱਟੀ ਨਾ ਮਿਲੀ। ਇਸ ਕਾਰਨ ਦੋਹਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਨਾਲ ਲੜਕੇ ਦੀ ਫੋਟੋ ਨਾਲ ਹੀ ਲੜਕੀ ਦਾ ਵਿਆਹ ਕਰਨ ਬਾਰੇ ਯੋਜਨਾ ਬਣਾਈ। ਇਸ ਤਹਿਤ ਬੀਤੇ ਐਤਵਾਰ ਨੂੰ ਪਿੰਡ ਮਸਤਕੋਟ ਤੋਂ ਬਰਾਤ ਸਜ ਧੱਜ ਕੇ ਲੜਕੇ ਦੀ ਫੋਟੋ ਦੇ ਨਾਲ ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣ ਵਿਖੇ ਪਹੁੰਚੀ। ਇਸ ਦੌਰਾਨ ਲੜਕੀ ਵੱਲੋਂ ਲੜਕੇ ਦੀ ਫੋਟੋ ਨਾਲ ਹੀ ਗੁਰ ਮਰਿਆਦਾ ਅਨੁਸਾਰ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਮਗਰੋਂ ਬਰਾਤ ਲੜਕੇ ਦੀ ਫੋਟੋ ਨਾਲ ਲੜਕੀ ਨੂੰ ਵਿਆਹ ਕੇ ਪਿੰਡ ਮਸਤਕੋਟ ਪਰਤ ਆਈ। ਲੜਕੇ ਦੀ ਮਾਂ ਵੱਲੋਂ ਘਰ ਵਿੱਚ ਨੂੰਹ ਆਉਣ ’ਤੇ ਪਾਣੀ ਵਾਰਨ ਆਦਿ ਦੀਆਂ ਵੀ ਰਸਮਾਂ ਕੀਤੀਆਂ ਗਈਆਂ। ਇਸ ਦੌਰਾਨ ਰਿਸ਼ਤੇਦਾਰਾਂ ਵੱਲੋਂ ਵੀ ਪੂਰੀਆਂ ਖੁਸ਼ੀਆਂ ਮਨਾਈਆਂ ਗਈਆਂ ਅਤੇ ਭੰਗੜੇ ਪਾਏ ਗਏ। ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਫੋਟੋ ਨਾਲ ਵਿਆਹ ਕਰਵਾਉਣ ਦੀ ਇਹ ਦੂਜੀ ਘਟਨਾ ਹੈ।